Gulf Akashbani

Sunday, June 21, 2026 4:38 AM

ਸ਼ਨਿਚਰਵਾਰ, ੬ ਹਾੜ (ਸੰਮਤ ੫੫੮ ਨਾਨਕਸ਼ਾਹੀ)

Home / ਪੰਜਾਬ / ਪੰਜਾਬ ਦੇ ਪੁੱਤਰ ਗੁਰਿੰਦਰਵੀਰ ਨੇ 10.09 ਸਕਿੰਟ ‘ਚ 100 ਮੀਟਰ ਦੌੜ ਕੇ ਬਣਾਇਆ ਇਤਿਹਾਸਕ ਨੈਸ਼ਨਲ ਰਿਕਾਰਡ

ਪੰਜਾਬ ਦੇ ਪੁੱਤਰ ਗੁਰਿੰਦਰਵੀਰ ਨੇ 10.09 ਸਕਿੰਟ ‘ਚ 100 ਮੀਟਰ ਦੌੜ ਕੇ ਬਣਾਇਆ ਇਤਿਹਾਸਕ ਨੈਸ਼ਨਲ ਰਿਕਾਰਡ

ਪੰਜਾਬ: ਰਾਂਚੀ ਵਿਖੇ ਖੇਡੇ ਜਾ ਰਹੇ ਫੈਡਰੇਸ਼ਨ ਕੱਪ ਵਿੱਚ ਪੰਜਾਬ ਦੇ ਹੋਣਹਾਰ ਅਥਲੀਟ ਗੁਰਿੰਦਰਵੀਰ ਸਿੰਘ ਨੇ ਇਤਿਹਾਸ ਸਿਰਜਦਿਆਂ 100 ਮੀਟਰ ਫਰਾਟਾ ਦੌੜ ਵਿੱਚ ਸੋਨੇ ਦਾ ਤਗ਼ਮਾ ਆਪਣੇ ਨਾਮ ਕਰ ਲਿਆ ਹੈ। ਗੁਰਿੰਦਰਵੀਰ ਸਿੰਘ ਨੇ ਮਹਿਜ਼ 10.09 ਸਕਿੰਟ ਦਾ ਸ਼ਾਨਦਾਰ ਸਮਾਂ ਕੱਢ ਕੇ ਇੱਕ ਨਵਾਂ ਨੈਸ਼ਨਲ ਰਿਕਾਰਡ ਕਾਇਮ ਕੀਤਾ ਹੈ। ਹਾਲਾਂਕਿ ਜੈਮੇਕਾ ਦੇ ਮਹਾਨ ਦੌੜਾਕ ਉਸੈਨ ਬੋਲਟ ਦਾ 9.58 ਸਕਿੰਟ ਦਾ ਵਿਸ਼ਵ ਰਿਕਾਰਡ ਅਜੇ ਵੀ ਦੁਨੀਆ ਲਈ ਇੱਕ ਵੱਡੀ ਚੁਣੌਤੀ ਹੈ, ਪਰ ਭਾਰਤੀ ਐਥਲੈਟਿਕਸ ਦੇ ਇਤਿਹਾਸ ਵਿੱਚ ਗੁਰਿੰਦਰਵੀਰ ਦੀ ਇਹ ਰਫ਼ਤਾਰ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।

ਉਹ 100 ਮੀਟਰ ਦੌੜ ਨੂੰ 10.10 ਸਕਿੰਟ ਤੋਂ ਘੱਟ ਸਮੇਂ ਵਿੱਚ ਪੂਰਾ ਕਰਨ ਵਾਲਾ ਪਹਿਲਾ ਭਾਰਤੀ ਅਥਲੀਟ ਬਣ ਗਿਆ ਹੈ, ਜਿਸ ਨਾਲ ਉਹ ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਵਜੋਂ ਉੱਭਰਿਆ ਹੈ। ਦੋ ਦਿਨਾਂ ਦੇ ਅੰਦਰ ਹੀ ਲਗਾਤਾਰ ਦੂਜੀ ਵਾਰ ਨੈਸ਼ਨਲ ਰਿਕਾਰਡ ਤੋੜ ਕੇ ਇਸ ਗੱਭਰੂ ਨੇ ਦੇਸ਼-ਦੁਨੀਆ ਵਿੱਚ ਪੰਜਾਬ ਦਾ ਨਾਮ ਚਮਕਾ ਦਿੱਤਾ ਹੈ।


ਇਸ ਇਤਿਹਾਸਕ ਪ੍ਰਾਪਤੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਗੁਰਿੰਦਰਵੀਰ ਸਿੰਘ ਨੂੰ ਮੁਬਾਰਕਬਾਦ ਦਿੱਤੀ। ਮੁੱਖ ਮੰਤਰੀ ਨੇ ਕਿਹਾ, “ਸਾਡੇ ਹੋਣਹਾਰ ਅਥਲੀਟ ਗੁਰਿੰਦਰਵੀਰ ਸਿੰਘ ਨੂੰ ਰਾਂਚੀ ਵਿਖੇ ਫੈਡਰੇਸ਼ਨ ਕੱਪ ਦੀ 100 ਮੀਟਰ ਫਰਾਟਾ ਦੌੜ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਉੱਤੇ ਬਹੁਤ-ਬਹੁਤ ਮੁਬਾਰਕਾਂ। ਸਾਡੇ ਗੱਭਰੂ ਜਵਾਨ ਨੇ ਮਹਿਜ਼ 10.09 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਹੈ।” ਉਨ੍ਹਾਂ ਅੱਗੇ ਲਿਖਿਆ ਕਿ ਗੁਰਿੰਦਰਵੀਰ ਦੀ ਇਸ ਬੇਮਿਸਾਲ ਅਤੇ ਇਤਿਹਾਸਕ ਪ੍ਰਾਪਤੀ ‘ਤੇ ਪੂਰੇ ਪੰਜਾਬ ਨੂੰ ਮਾਣ ਹੈ। ਮੁੱਖ ਮੰਤਰੀ ਨੇ ਅਥਲੀਟ ਨੂੰ ਭਵਿੱਖ ਦੇ ਕੌਮਾਂਤਰੀ ਮੁਕਾਬਲਿਆਂ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਸ਼ੁਭਕਾਮਨਾਵਾਂ ਵੀ ਭੇਜੀਆਂ ਹਨ।

Tagged:

Leave a Reply

Your email address will not be published. Required fields are marked *