ਯੂਏਈ: ਯੂਏਈ ਦੀ ਮਸ਼ਹੂਰ ਏਅਰਲਾਈਨ ਐਮਿਰੇਟਸ ਨੇ ਇਬੋਲਾ ਵਾਇਰਸ ਦੇ ਮਾਮਲਿਆਂ ਨੂੰ ਦੇਖਦੇ ਹੋਏ ਯਾਤਰੀਆਂ ਲਈ ਨਵੀਂ ਟ੍ਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ। ਏਅਰਲਾਈਨ ਨੇ ਕਿਹਾ ਹੈ ਕਿ ਕਈ ਦੇਸ਼ਾਂ ਨੇ ਇਬੋਲਾ ਦੇ ਖਤਰੇ ਕਾਰਨ ਆਪਣੇ ਦਾਖਲਾ ਨਿਯਮ ਹੋਰ ਸਖ਼ਤ ਕਰ ਦਿੱਤੇ ਹਨ। ਇਸ ਲਈ ਵਿਦੇਸ਼ ਯਾਤਰਾ ਕਰਨ ਵਾਲੇ ਲੋਕਾਂ ਨੂੰ ਰਵਾਨਗੀ ਤੋਂ ਪਹਿਲਾਂ ਆਪਣੇ ਮੰਜ਼ਿਲ ਵਾਲੇ ਦੇਸ਼ ਦੇ ਨਵੇਂ ਨਿਯਮ ਜ਼ਰੂਰ ਚੈੱਕ ਕਰਨੇ ਚਾਹੀਦੇ ਹਨ।
ਐਮਿਰੇਟਸ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਸਬੰਧਤ ਦੇਸ਼ ਦੀ ਸਰਕਾਰੀ ਵੈੱਬਸਾਈਟ ਜਾਂ ਸਿਹਤ ਵਿਭਾਗ ਤੋਂ ਤਾਜ਼ਾ ਜਾਣਕਾਰੀ ਹਾਸਲ ਕਰਨ। ਕੁਝ ਦੇਸ਼ਾਂ ਨੇ ਇਬੋਲਾ ਪ੍ਰਭਾਵਿਤ ਇਲਾਕਿਆਂ ਤੋਂ ਆਉਣ ਵਾਲੇ ਯਾਤਰੀਆਂ ਲਈ ਵਾਧੂ ਸਿਹਤ ਜਾਂਚ, ਹੈਲਥ ਡਿਕਲੇਰੇਸ਼ਨ ਫਾਰਮ ਅਤੇ ਹੋਰ ਦਸਤਾਵੇਜ਼ ਲਾਜ਼ਮੀ ਕਰ ਦਿੱਤੇ ਹਨ।
ਇਬੋਲਾ ਦੇ ਵੱਧ ਰਹੇ ਖਤਰੇ ਨੂੰ ਦੇਖਦੇ ਹੋਏ ਦੁਨੀਆ ਦੇ ਕਈ ਦੇਸ਼ਾਂ ਨੇ ਸਾਵਧਾਨੀ ਵਧਾ ਦਿੱਤੀ ਹੈ। ਖ਼ਾਸ ਕਰਕੇ ਯੂਗਾਂਡਾ, ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ (ਡੀ.ਆਰ.ਸੀ.) ਅਤੇ ਦੱਖਣੀ ਸੁਡਾਨ ਨਾਲ ਜੁੜੇ ਯਾਤਰੀਆਂ ਦੀ ਵਧੇਰੇ ਨਿਗਰਾਨੀ ਕੀਤੀ ਜਾ ਰਹੀ ਹੈ। ਕੁਝ ਦੇਸ਼ਾਂ ਨੇ ਇਨ੍ਹਾਂ ਇਲਾਕਿਆਂ ਤੋਂ ਆਉਣ ਵਾਲੇ ਲੋਕਾਂ ਲਈ ਅਸਥਾਈ ਪਾਬੰਦੀਆਂ, ਕਵਾਰੰਟੀਨ ਅਤੇ ਸਿਹਤ ਜਾਂਚ ਵੀ ਲਾਜ਼ਮੀ ਕੀਤੀ ਹੈ।
ਯੂਏਈ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਦੇਸ਼ ਦੀ ਜਨਤਕ ਸਿਹਤ ਸਥਿਤੀ ਇਸ ਸਮੇਂ ਪੂਰੀ ਤਰ੍ਹਾਂ ਸਥਿਰ ਹੈ ਅਤੇ ਇਬੋਲਾ ਨੂੰ ਲੈ ਕੇ ਕੋਈ ਤੁਰੰਤ ਖਤਰਾ ਨਹੀਂ ਹੈ। ਹਵਾਈ ਅੱਡਿਆਂ, ਹਸਪਤਾਲਾਂ ਅਤੇ ਸਰਹੱਦੀ ਦਾਖਲਾ ਕੇਂਦਰਾਂ ‘ਤੇ ਨਿਗਰਾਨੀ ਪ੍ਰਣਾਲੀ ਸਰਗਰਮ ਹੈ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਿਆਰੀ ਕੀਤੀ ਗਈ ਹੈ।
ਮਾਹਿਰਾਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਸਿਰਫ਼ ਸਰਕਾਰੀ ਅਤੇ ਭਰੋਸੇਯੋਗ ਸਰੋਤਾਂ ਤੋਂ ਹੀ ਜਾਣਕਾਰੀ ਲੈਣ ਦੀ ਅਪੀਲ ਕੀਤੀ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਯਾਤਰਾ ਦੌਰਾਨ ਸਿਹਤ ਸਬੰਧੀ ਸਾਵਧਾਨੀਆਂ ਦੀ ਪਾਲਣਾ ਕਰਨ ਅਤੇ ਜੇਕਰ ਕੋਈ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰੀ ਸਲਾਹ ਲੈਣ।