ਯੂਏਈ: ਯੂਏਈ ਵਿੱਚ ਜੂਨ 2026 ਦੀਆਂ ਨਵੀਆਂ ਪੈਟਰੋਲ ਕੀਮਤਾਂ ਲਾਗੂ ਹੋਣ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਪੈਟਰੋਲ ਪੰਪਾਂ ‘ਤੇ ਵੱਡੀ ਭੀੜ ਦੇਖਣ ਨੂੰ ਮਿਲੀ। ਦੁਬਈ ਅਤੇ ਸ਼ਾਰਜਾਹ ਦੇ ਕਈ ਪੈਟਰੋਲ ਸਟੇਸ਼ਨਾਂ ‘ਤੇ ਲੰਬੀਆਂ ਕਤਾਰਾਂ ਲੱਗ ਗਈਆਂ ਕਿਉਂਕਿ ਲੋਕ ਵਧੀਆਂ ਹੋਈਆਂ ਕੀਮਤਾਂ ਲਾਗੂ ਹੋਣ ਤੋਂ ਪਹਿਲਾਂ ਆਪਣੀਆਂ ਗੱਡੀਆਂ ਵਿੱਚ ਪੈਟਰੋਲ ਭਰਵਾਉਣਾ ਚਾਹੁੰਦੇ ਸਨ।
ਕਈ ਡਰਾਈਵਰਾਂ ਨੇ ਦੱਸਿਆ ਕਿ ਜਿਵੇਂ ਹੀ ਜੂਨ ਮਹੀਨੇ ਦੀਆਂ ਨਵੀਆਂ ਈਂਧਨ ਦਰਾਂ ਦਾ ਐਲਾਨ ਹੋਇਆ, ਉਨ੍ਹਾਂ ਨੇ ਤੁਰੰਤ ਪੈਟਰੋਲ ਭਰਵਾਉਣ ਦੀ ਯੋਜਨਾ ਬਣਾ ਲਈ। ਲੋਕਾਂ ਦਾ ਕਹਿਣਾ ਸੀ ਕਿ ਨਵੀਆਂ ਕੀਮਤਾਂ ਤੋਂ ਬਾਅਦ ਉਨ੍ਹਾਂ ਨੂੰ ਜ਼ਿਆਦਾ ਖਰਚ ਕਰਨਾ ਪਵੇਗਾ, ਇਸ ਲਈ ਉਨ੍ਹਾਂ ਨੇ ਪਹਿਲਾਂ ਹੀ ਆਪਣੀਆਂ ਟੈਂਕੀਆਂ ਫੁੱਲ ਕਰਵਾ ਲਈਆਂ।
ਦੁਬਈ ਦੇ ਇੱਕ ਵਸਨੀਕ ਨੇ ਦੱਸਿਆ ਕਿ ਉਸ ਨੇ ਨਵੀਆਂ ਕੀਮਤਾਂ ਦੀ ਜਾਣਕਾਰੀ ਮਿਲਦੇ ਹੀ ਦੁਪਹਿਰ ਵਿੱਚ ਪੈਟਰੋਲ ਭਰਵਾ ਲਿਆ ਸੀ ਕਿਉਂਕਿ ਉਸ ਨੂੰ ਸ਼ਾਮ ਨੂੰ ਭੀੜ ਵਧਣ ਦੀ ਉਮੀਦ ਸੀ। ਦੂਜੇ ਪਾਸੇ ਕਈ ਲੋਕ ਸ਼ਾਮ ਤੱਕ ਇੰਤਜ਼ਾਰ ਕਰਦੇ ਰਹੇ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਲੰਬੀਆਂ ਲਾਈਨਾਂ ਵਿੱਚ ਖੜ੍ਹਾ ਹੋਣਾ ਪਿਆ।
ਸ਼ਾਰਜਾਹ ਦੇ ਇੱਕ ਰਹਿਣ ਵਾਲੇ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਨੂੰ ਪੈਟਰੋਲ ਭਰਵਾਉਣ ਲਈ ਪੰਪ ‘ਤੇ ਪਹੁੰਚਿਆ ਤਾਂ ਲਗਭਗ ਹਰ ਸਟੇਸ਼ਨ ‘ਤੇ ਵਾਹਨਾਂ ਦੀ ਲੰਬੀ ਕਤਾਰ ਸੀ। ਉਸ ਨੂੰ ਕਰੀਬ 40 ਮਿੰਟ ਤੱਕ ਇੰਤਜ਼ਾਰ ਕਰਨਾ ਪਿਆ। ਉਸ ਨੇ ਕਿਹਾ ਕਿ ਜ਼ਿਆਦਾਤਰ ਲੋਕ ਵਧੀਆਂ ਹੋਈਆਂ ਕੀਮਤਾਂ ਤੋਂ ਬਚਣ ਲਈ ਪਹਿਲਾਂ ਹੀ ਪੈਟਰੋਲ ਭਰਵਾ ਰਹੇ ਸਨ।
ਨਵੀਆਂ ਦਰਾਂ ਮੁਤਾਬਕ 1 ਜੂਨ 2026 ਤੋਂ ਸੁਪਰ 98 ਪੈਟਰੋਲ ਦੀ ਕੀਮਤ 3.95 ਦਿਰਹਮ ਪ੍ਰਤੀ ਲੀਟਰ, ਸਪੈਸ਼ਲ 95 ਦੀ ਕੀਮਤ 3.83 ਦਿਰਹਮ ਪ੍ਰਤੀ ਲੀਟਰ ਅਤੇ ਈ-ਪਲੱਸ 91 ਦੀ ਕੀਮਤ 3.76 ਦਿਰਹਮ ਪ੍ਰਤੀ ਲੀਟਰ ਹੋ ਗਈ ਹੈ। ਹਾਲਾਂਕਿ ਡੀਜ਼ਲ ਦੀ ਕੀਮਤ ਘਟਾ ਕੇ 4.33 ਦਿਰਹਮ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਵਿਸ਼ਵ ਪੱਧਰ ‘ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਮਿਡਲ ਈਸਟ ਵਿੱਚ ਜਾਰੀ ਤਣਾਅ ਅਤੇ ਊਰਜਾ ਬਾਜ਼ਾਰ ਵਿੱਚ ਉਤਾਰ-ਚੜ੍ਹਾਅ ਕਾਰਨ ਯੂਏਈ ਵਿੱਚ ਲਗਾਤਾਰ ਤੀਜੇ ਮਹੀਨੇ ਪੈਟਰੋਲ ਮਹਿੰਗਾ ਹੋਇਆ ਹੈ। ਨਵੀਆਂ ਦਰਾਂ ਲਾਗੂ ਹੋਣ ਨਾਲ ਵਾਹਨ ਚਾਲਕਾਂ ਦੇ ਮਹੀਨਾਵਾਰ ਖਰਚੇ ਵਿੱਚ ਵੀ ਵਾਧਾ ਹੋ ਸਕਦਾ ਹੈ।